VicksWeb upgrade Location upload ads trending
VicksWeb ਭਾਰਤ ਨੂੰ
ਭਾਗੀਵਾਂਦਰ ਦੇ ਨੌਜਵਾਨ ਹਰਚੇਤ ਸਿੰਘ ਦੀ ਨਿਊਜ਼ੀਲੈਂਡ ਵਿਖੇ ਹਾਰਵੈਸਟਿੰਗ ਮਸ਼ੀਨ ਵਿੱਚ ਆਉਣ ਨਾਲ ਮੌਤ, ਸੋਗ ਦੀ ਲਹਿਰ
Source:  Punjab News Channel
Monday, 19 February 2018 22:08

ਤਲਵੰਡੀ ਸਾਬੋ, 19 ਫਰਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਭਾਗੀਵਾਂਦਰ ਦੇ ਇੱਕ ਹੋਣਹਾਰ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਹਾਰਵੈਸਟਿੰਗ ਮਸ਼ੀਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਣ ਨਾਲ ਨਾ ਕੇਵਲ ਪਿੰਡ ਸਗੋਂ ਸਮੁੱਚੇ ਹਲਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਭਾਗੀਵਾਂਦਰ ਦੇ ਗ਼ਰੀਬ ਕਿਸਾਨ ਠਾਣਾ ਸਿੰਘ ਦਾ ਨੌਜਵਾਨ ਪੁੱਤਰ ਹਰਚੇਤ ਸਿੰਘ (28) ਕਰੀਬ ਦੋ ਸਾਲ ਪਹਿਲਾਂ ਪੜਾਈ ਕਰਨ ਲਈ ਸਟੱਡੀ ਵੀਜੇ 'ਤੇ ਨਿਊਜੀਲੈਂਡ ਗਿਆ ਸੀ। ਨਿਊਜੀਲੈਂਡ ਤੋਂ ਪ੍ਰਕਾਸ਼ਿਤ ਹੋਈਆਂ ਖਬਰਾਂ ਅਨੁਸਾਰ ਹਰਚੇਤ ਉੱਥੇ ਪੜਾਈ ਦੇ ਨਾਲ ਨਾਲ ਓਪਨ ਵਰਕ ਵੀਜਾ ਲੈ ਕੇ ਵਾਈਕਾਟੋ ਜਿਲ੍ਹੇ ਦੇ ਪੂਨੀ ਸਥਿਤ ਫਾਰਮ ਹਾਊਸ ਵਿੱਚ ਕੰਮ ਕਰਨ ਲੱਗ ਗਿਆ ਸੀ ਤੇ ਕੰਮ ਦੌਰਾਨ ਆਲੂ ਪੁੱਟਣ ਵਾਲੀ ਹਾਰਵੈਸਟਿੰਗ ਮਸ਼ੀਨ ਵਿੱਚੋਂ ਕੁਝ ਕੱਢਣ ਦੀ ਕੋਸ਼ਿਸ ਕਰ ਰਿਹਾ ਸੀ ਤਾਂ ਉਸਦੀ ਚਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਹਾਲਾਂਕਿ ਮੀਡੀਆ ਨੂੰ ਉਕਤ ਨੌਜਵਾਨ ਦੇ ਘਰ ਜਾਣ ਤੋਂ ਰੋਕਿਆ ਗਿਆ ਪ੍ਰੰਤੂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੁਣ ਹਰਚੇਤ ਨੇ ਪੱਕਾ ਹੋਣ ਲਈ ਫਾਈਲ ਲਾਈ ਹੋਈ ਸੀ ਤੇ ਕਰੀਬ ਇੱਕ ਹਫਤਾ ਪਹਿਲਾਂ ਹੀ ਉਸਨੇ ਫੋਨ ਕਰਕੇ ਦੱਸਿਆ ਸੀ ਕਿ ਉਸਦੇ ਜਲਦੀ ਪੱਕਾ ਹੋਣ ਦੀ ਉਮੀਦ ਹੈ ਤੇ ਉਹ ਲੱਗਪਗ ਦੋ ਮਹੀਨਿਆਂ ਬਾਅਦ ਵਾਪਸ ਪਿੰਡ ਆ ਕੇ ਜਾਵੇਗਾ। ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਹਰਚੇਤ ਦੀ ਮੌਤ ਬਾਬਤ ਅਜੇ ਉਸਦੇ ਮਾਤਾ ਪਿਤਾ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਹਰਚੇਤ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਇੱਕ ਭਾਈ ਹਰਚਰਨ ਸਿੰਘ ਤੇ ਦੋ ਭੈਣਾਂ ਛੱਡ ਗਿਆ ਜੋ ਵਿਆਹੀਆਂ ਹੋਈਆਂ ਹਨ। ਮ੍ਰਿਤਕ ਦੇ ਚਚੇਰੇ ਭਾਈ ਬਲਕਰਨ ਸਿੰਘ ਦੇ ਦੱਸਣ ਅਨੁਸਾਰ ਆਰਥਿਕ ਤੰਗੀ ਝੱਲ ਰਹੇ ਪਰਿਵਾਰ ਨੇ ਕਾਫੀ ਖਰਚਾ ਕਰਕੇ ਹਰਚੇਤ ਨੂੰ ਵਿਦੇਸ਼ ਭੇਜਿਆ ਸੀ ਤਾਂ ਕਿ ਉਹ ਉੱਥੇ ਸੈਟਲ ਹੋ ਕੇ ਪਰਿਵਾਰ ਦੀ ਆਰਥਿਕ ਤੰਗੀ ਦੂਰ ਕਰ ਸਕੇ ਪ੍ਰੰਤੂ ਸ਼ਾਇਦ ਕੁਦਰਤ ਨੂੰ ਕੁਝ ਹੋਰ ਮਨਜੂਰ ਸੀ। ਉੱਧਰ ਅੱਜ ਹਰਚੇਤ ਸਿੰਘ ਗਿੱਲ ਦੀ ਮੌਤ ਦੀ ਖਬਰ ਜੋ ਵਿਦੇਸ਼ ਤੋਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਹੈ ਨੂੰ ਪੜਦਿਆਂ ਹੀ ਨਾ ਕੇਵਲ ਭਾਗੀਵਾਂਦਰ ਪਿੰਡ ਸਗੋਂ ਸਮੁੱਚੇ ਹਲਕਾ ਤਲਵੰਡੀ ਸਾਬੋ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਤਾ ਇਹ ਵੀ ਲੱਗਾ ਹੈ ਕਿ ਆਕਲੈਂਡ ਸਥਿਤ ਭਾਰਤੀ ਹਾਈ ਕਮਿਸ਼ਨ ਦਫਤਰ ਨੇ ਹਰਚੇਤ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਭੇਜਣ ਲਈ ਕਾਨੂੰਨੀ ਪ੍ਰਕਿਰਿਆ ਆਰੰਭ ਦਿੱਤੀ ਹੈ ਜਿਸ ਵਿੱਚ ਉੱਥੇ ਵਸਦੇ ਭਾਰਤੀ ਵੀ ਸਹਿਯੋਗ ਕਰ ਰਹੇ ਹਨ। ਪਿੰਡ ਵਾਸੀਆਂ ਦੀ ਵੀ ਮੰਗ ਹੈ ਕਿ ਮ੍ਰਿਤਕ ਨੌਜਵਾਨ ਦੀ ਦੇਹ ਸੁਰੱਖਿਅਤ ਤਰੀਕੇ ਨਾਲ ਵਾਪਸ ਭੇਜੀ ਜਾਵੇ ਤੇ ਨੌਜਵਾਨ ਦੇ ਪਰਿਵਾਰ ਨੂੰ ਬਣਦੀ ਮਦੱਦ ਮੁਹੱਈਆ ਕਰਵਾਈ ਜਾਵੇ।

ਸਾਬਕਾ ਪਾਰਲੀਮੈਂਟ ਬੀਬਾ ਪਰਮਜੀਤ ਕੌਰ ਗੁਲਸ਼ਨ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਏ ਨਤਮਸਤਕ
Source:  Punjab News Channel
Monday, 19 February 2018 22:06

ਤਲਵੰਡੀ ਸਾਬੋ, 19 ਫਰਵਰੀ (ਗੁਰਜੰਟ ਸਿੰਘ ਨਥੇਹਾ)- ਕਾਂਗਰਸ ਦੇ ਰਾਜ ਵਿੱਚ ਧੱਕੇਸ਼ਾਹੀ ਦਾ ਬੋਲਬਾਲਾ ਹੈ ਜਿਸ ਤੋਂ ਖੁਦ ਕਾਂਗਰਸੀ ਵੀ ਨਰਾਜ਼ ਚੱਲ ਰਹੇ ਹਨ ਤੇ ਇਸ ਰਾਜ ਵਿੱਚ ਅਫਸਰ ਆਪਣੀ ਮਨਮਾਨੀ ਕਰ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦਿਹਾਤੀ ਆਗੂਆਂ ਵਿਚੋਂ ਨਵਨਿਯੁਕਤ ਐਸ ਸੀ ਵਿੰਗ. ਦੇ ਮੀਤ ਪ੍ਰਧਾਨ ਅੰਗਰੇਜ ਸਿੰਘ ਦਿਉਣ ਤੇ ਬੀਬੀ ਜੋਗਿੰਦਰ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ ਨੂੰ ਨਾਲ ਲੈ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਬੀਬਾ ਪਰਮਜੀਤ ਕੌਰ ਗੁਲਸ਼ਨ ਨੇ ਕਾਂਗਰਸ ਆਗੂਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਦੀ ਨਿੰਦਿਆ ਕਰਦਿਆਂ ਤਲਵੰਡੀ ਸਾਬੋ ਵਿਖੇ ਕੀਤਾ।
ਉਹਨਾਂ ਅੱਗੇ ਕਿਹਾ ਕਿ ਕਾਂਗਰਸ ਦੇ ਰਾਜ ਕਾਲ ਵਿੱਚ ਧੱਕੇਸ਼ਾਹੀ ਦਾ ਬੋਲਬਾਲਾ ਹੈ ਜਿਸ ਤੋਂ ਖੁਦ ਕਾਂਗਰਸੀ ਵੀ ਨਰਾਜ ਚੱਲ ਰਹੇ ਹਨ ਤੇ ਇਸ ਸ਼ਾਸ਼ਨ ਵਿੱਚ ਅਫਸਰ ਆਪਣੀ ਮਨਮਾਨੀ ਕਰ ਰਹੇ ਹਨ। ਉਹਨਾਂ ਹੋਰ ਕਿਹਾ ਕਿ ਕਾਂਗਰਸ ਪਾਰਟੀ ਦੇ ਇੱਕ ਸਾਲ ਦੇ ਸਮੇਂ ਵਿੱਚ ਹਰ ਵਰਗ ਦੁਖੀ ਹੈ। ਉਹਨਾਂ ਤਲਵੰਡੀ ਸਾਬੋ ਤੋਂ ਆਪ ਵਿਧਾਇਕਾ ਦੀ ਡਬਲ ਵੋਟ ਤੇ ਬੋਲਦਿਆਂ ਕਿਹਾ ਕਿ ਭ੍ਰਿਸਟਾਚਾਰ ਮੁਕਤ ਤੇ ਇਨਕਲਾਬ ਦੇ ਨਾਅਰੇ ਲਾਉਣ ਵਾਲੀ ਤਲਵੰਡੀ ਸਾਬੋ ਧੀ ਆਪ ਵਿਧਾਇਕਾ ਨੇ ਹੀ ਡਬਲ ਵੋਟ ਬਣਾ ਕੇ ਭ੍ਰਿਸਟਾਚਾਰ ਦੀਆ ਹੱਦਾਂ ਲੰਘਾਂ ਦਿੱਤੀਆਂ ਹਨ। ਉਨ੍ਹਾਂ ਚੋਣ ਕਮਸਿਨ ਤੋਂ ਵਿਧਾਇਕਾ ਨੂੰ ਵਿਧਾਇਕ ਦੇ ਅਹੁਦੇ ਤੋਂ ਖਾਰਜ ਕਰਨ ਤੇ ਆਪ ਪਾਰਟੀ ਦੇ ਨੈਸ਼ਨਲ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਤਰੁੰਤ ਵਿਧਾਇਕਾ ਤੋਂ ਅਸਤੀਫਾ ਲੈਣ ਦੀ ਗੱਲ ਆਖੀ। ਇਸ ਮੌਕੇ ਨਵਨਿਯੁਕਤ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐਸ ਸੀ. ਵਿੰਗ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਤੇ ਬੀਬਾ ਪਰਮਜੀਤ ਕੌਰ ਗੁਲਸ਼ਨ ਦਾ ਧੰਨਵਾਦ ਕਰਦੇ ਹੋਏ ਅਕਾਲੀਦਲ ਵੱਲੋਂ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਗੱਲ ਆਖੀ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪਕੋਕਾ ਦਾ ਕਰਦੀ ਹੈ ਵਿਰੋਧ- ਯੂਨੀਅਨ ਆਗੂ
Source:  Punjab News Channel
Monday, 19 February 2018 22:05

ਤਲਵੰਡੀ ਸਾਬੋ, 19 ਫਰਵਰੀ (ਗੁਰਜੰਟ ਸਿੰਘ ਨਥੇਹਾ)- ਖੇਤਰ ਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਸਰਕਾਰ ਵੱਲੋਂ ਲਿਆਂਦਾ ਜਾ ਰਿਹਾ ਕਾਲਾ ਕਾਨੂੰਨ ਪਕੋਕਾ ਦਾ ਵਿਰੋਧ ਕਰਦੀ ਹੈ ਉਕਤ ਵਿਚਾਰ ਐਸੋਸੀਏਸ਼ਨ ਦੇ ਸਹਾਇਕ ਜਨਰਲ ਸਕੱਤਰ ਡਾ. ਬਲਵੰਤ ਸਿੰਘ ਲਹਿਰੀ ਵੱਲੋਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਪੇਸ਼ ਕੀਤੇ। ਜਾਣਕਾਰੀ ਦਿੰਦਿਆਂ ਡਾ. ਲਹਿਰੀ ਨੇ ਦੱਸਿਆ ਕਿ ਇਸ ਕਾਲੇ ਕਾਨੂੰਨ ਦੀ ਵਿਰੋਧਤਾ ਉਕਤ ਐਸੋਸੀਏਸ਼ਨ ਦੇ ਆਗੂ ਡਾ. ਗੁਰਮੇਲ ਸਿੰਘ ਘਈ ਦੀ ਅਗਵਾਈ ਹੇਠ ਵੱਖ-ਵੱਖ ਯੂਨੀਅਨਾਂ ਵੱਲੋਂ ਪਕੋਕਾ ਦਾ ਵਿਰੋਧ ਕਰਦੀ ਬਰਨਾਲਾ ਵਿਖੇ ਕੀਤੀ ਗਈ ਰੈਲੀ ਮੌਕੇ ਵੀ ਭਾਗ ਲਿਆ। ਉਹਨਾਂ ਕਿਹਾ ਕਿ ਗੈਂਗਸਟਰਾਂ ਦੀ ਆੜ ਹੇਠ ਲਿਆਂਦਾ ਇਹ ਕਾਨੂੰਨ ਸਘੰਰਸ਼ਸੀਲ ਜਥੇਬੰਦੀਆਂ ਲਈ ਘਾਤਕ ਸਿੱਧ ਹੋਵੇਗਾ ਤੇ ਪੰਜਾਬ ਸਰਕਾਰ ਪਕੋਕਾ ਕਾਨੂੰਨ ਬਣਾ ਕੇ ਸਘੰਰਸ਼ ਕਰਨ ਵਾਲੀਆਂ ਜਥੇਬੰਦੀਆਂ ਦੇ ਸਘੰਰਸ਼ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਨੂੰ ਜਥੇਬੰਦੀਆਂ ਕਦੇ ਵੀ ਸਹਿਣ ਨਹੀਂ ਕਰਨਗੀਆਂ ਕਿਉਂਕਿ ਲੋਕਤੰਤਰ ਵਿੱਚ ਹਰ ਇੱਕ ਵਿਅਕਤੀ ਜਾਂ ਯੂਨੀਅਨ ਨੂੰ ਆਪਣੇ ਹੱਕਾਂ ਲਈ ਲੜਾਈ ਲੜੀ ਜਾ ਸਕਦੀ ਹੈ। ਉਹਨਾਂ ਸਰਕਾਰਾਂ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿ ਸਰਕਾਰਾਂ ਅਜਿਹੇ ਕਾਨੂੰਨ ਬਣਾ ਕੇ ਲੋਕਤੰਤਰ ਦੇ ਪਰ ਕੁਤਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਮੌਕੇ ਸਟੇਜ ਸਕੱਤਰ ਡਾ. ਗਿਰਧਾਰੀ ਲਾਲ, ਕ੍ਰਿਸ਼ਨ ਕੁਮਾਰ ਧਿੰਗੜ, ਬਿੱਕਰ ਧਿੰਗੜ, ਡਾ. ਜੱਗਾ ਸਿੰਘ ਸੀਂਗੋ, ਡਾ. ਨਛੱਤਰ ਸਿੰਘ ਜ਼ਿਲ੍ਹਾ ਮੈਂਬਰ ਆਦਿ ਮੌਜ਼ੂਦ ਸਨ।

ਸੋਸ਼ਲ ਵੇਲਫੇਅਰ ਡਿਪਾਰਟਮੇਂਟ ਦੀਆਂ ਗਲਤ ਨੀਤੀਆਂ ਦੇ ਕਾਰਨ ਗਰੀਬ/ਐਸ.ਸੀ ਵਿਦਿਆਰਥੀਆਂ ਦਾ ਭਵਿੱਖ ਖਤਰੇ 'ਚ
Source:  Punjab News Channel
Monday, 19 February 2018 22:02

ਜਲੰਧਰ 19 ਫਰਵਰੀ (ਜਸਵਿੰਦਰ ਆਜ਼ਾਦ)- 'ਪੋਸਟ ਮੈਟ੍ਰਿਕ ਸਕਾਲਰਸ਼ਿਪ ਜੋ ਸੇਂਟਰ ਸਰਕਾਰ ਵਲੋਂ ਦਿੱਤੀ ਜਾਂਦੀ ਸੀ ਪਿਛਲੇ ੩ ਸਾਲਾਂ ਤੋਂ ਕਾਲਜਾਂ ਨੂੰ ਰਿਲੀਜ਼ ਨਹੀਂ ਹੋਈ ਹੈ। ਜਿਸਦੇ ਨਾਲ ਬਹੁਤ ਸਾਰੇ ਕਾਲਜ ਬੈਂਕਾਂ ਦੇ ਕੋਲ NPA ( Non Performing Asset) ਐਲਾਨ ਕਰ ਦਿੱਤੇ ਗਏ ਹਨ। ਜਿਸਦੇ ਕਾਰਨ ਅਧਿਆਪਕਾਂ ਅਤੇ ਕੰਮ ਕਰਣ ਵਾਲੇ ਕਰਮਚਾਰੀਆਂ ਨੂੰ ੭-੮ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਮਿਲੀ ਰਹੀਆ'। ਇਹ ਜਾਣਕਾਰੀ ਕਾਨਫ਼ੈਡਰੇਸ਼ਨ ਆਫ਼ ਪੰਜਾਬ ਅਨਏਡਿਡ ਇੰਸਟੀਚਿਊਸ਼ਨਸ ਦੇ ਚੇਅਰਮੈਨ ਅਸ਼ਵਨੀ ਸੇਖਰੀ ਨੇ ਦਿੱਤੀ ਨਾਲ ਹੀ ਉਨ੍ਹਾਂਨੇ ਕਿਹਾ ਕਿ ਇੱਥੇ ਤੱਕ ਕਿ ਹਾਈ ਕੋਰਟ ਨੇ ਆਦੇਸ਼ ਦਿੱਤੇ ਸਨ ਕਿ ਦੀ ਪ੍ਰਾਇਵੇਟ ਕਾਲਜ ਐੱਸ.ਸੀ ਵਿਦਿਆਰਥੀਆਂ ਤੋਂ ਫੀਸ ਵਸੂਲ ਕਰ ਸੱਕਦੇ ਹਨ ਪਰ ਇਸ ਹਾਈਕੋਰਟ ਦੇ ਆਦੇਸ਼ ਦੇ ਬਾਅਦ ਵੀ ਪ੍ਰਾਇਵੇਟ ਕਾਲਜਾਂ ਨੇ ਪੰਜਾਬ ਦੇ ਐਸ.ਸੀ ਵਿਦਿਆਰਥੀਆਂ ਤੋਂਂ ਪਹਿਲਾਂ ਫੀਸ ਨਹੀਂ ਲਈ ਤਾਂਕਿ ਕਿਸੇ ਗਰੀਬ/ਐੱਸ.ਸੀ/ਐਸ.ਟੀ ਵਿਦਿਆਰਥੀ ਦਾ ਫੀਸ ਦੇ ਕਾਰਨ ਪੜ੍ਹਾਈ ਵਿੱਚ ਨੁਕਸਾਨ ਨਾ ਹੋਵੇ। ਜੇਕਰ ਸਕਾਲਰਸ਼ਿਪ ਦੇ ਪੈਸੇ ਸੰਸਥਾਵਾਂ ਨੂੰ ਨਹੀਂ ਮਿਲਣਗੇ ਤਾਂ ਮਜ਼ਬੂਰਨ ਅਗਲੇ ਸੈਸ਼ਨ ੨੦੧੯-੨੦ ਤੋਂ ਫੀਸਾਂ ਵਸੂਲ ਕਰਣੀਆ ਪੈਣਗੀਆਂ। ੧੧੫ ਕਰੋੜ ੭੩ ਲੱਖ ਰੁਪਏ ਪੰਜਾਬ ਸਰਕਾਰ ਦੇ ਕੋਲ ਮਈ ਮਹੀਨੇ ਤੋਂ ਆਏ ਹੋਏ ਹਨ ਜੋ ਅੱਜ ਤੱਕ ਰਿਲੀਜ਼ ਨਹੀਂ ਕੀਤਾ ਗਿਆ ਅਤੇ ੨੧ ਕਰੋੜ ਬੀ.ਸੀ ਵਿਦਿਆਰਥੀਆਂ ਦਾ ਆਇਆ ਹੈ ਜੋ ਮਾਰਚ ਤੱਕ ਰਿਲੀਜ਼ ਨਾ ਹੋਇਆ ਤਾਂ ਲੇਪਸ ਹੋ ਜਾਣਗੇ (ਸੇਂਟਰ ਸਰਕਾਰ ਨੂੰ ਵਾਪਸ ਚਲਾ ਜਾਵੇਗਾ) ਜੋ ਨਾ ਫਿਰ ਸੰਸਥਾਵਾਂ ਨੂੰ ਮਿਲੇਗਾ ਨਾ ਸਰਕਾਰ ਨੂੰ। ਇਸਦੇ ਬਾਅਦ ਫੇਡਰੇਸ਼ਨ ਦੇ ਪ੍ਰੇਜਿਡੇਂਟ ਅਨਿਲ ਚੋਪੜਾ ਨੇ ਕਿਹਾ ਕਿ ਜਦੋਂ ਸੇਂਟਰ ਸਰਕਾਰ ਦੇ ਮੰਤਰੀ ਸ਼੍ਰੀ ਵਿਜੈ ਸਾਂਪਲਾ ਜੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂਨੇ ਕਿਹਾ ਕਿ ੧੧੫ ਕਰੋੜ ਰੁਪਏ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਰਿਲੀਜ਼ ਕਰ ਚੁੱਕੇ ਹੈ (੧੨ ਮਈ ਨੂੰ) ਉਨ੍ਹਾਂਨੇ ਯੂਟੀਲੀਸਾਸ਼ਨ ਸਰਟਿਫਿਕੇਟ ਜੇਕਰ ਪੰਜਾਬ ਸਰਕਾਰ ਦਿੰਦੀ ਹੈ ਤਾਂ ਇਸਦਾ ੫੦੦ ਕਰੋੜ ਰੁਪਏ ਕੈਂਦਰ ਸਰਕਾਰ ਦੇਣ ਨੂੰ ਤਿਆਰ ਹੈ। ਪੰਜਾਬ ਸਰਕਾਰ ਦੇ ਕੋਲ ਜਦੋਂ ਪੈਸੇ ਮੰਗੇ ਜਾਂਦੇ ਹਨ ਤਾਂ ਫਾਇਨੇਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਕਿਸੇ ਨਾ ਕਿਸੇ ਬਹਾਨੇ ਨਾਲ ਨਾ ਤਾਂ ਮਿਲਦੇ ਜਾ ਆਡਿਟ ਦਾ ਬਹਾਨੇ ਬਣਾਕੇ ਡਿਲੇ ਕਰਣ ਦੀ ਕੋਸ਼ਿਸ਼ ਕਰਦੇ ਹਨ। ਜਨਰਲ ਸੇਕਰੈਟਰੀ ਵਿਪਿਨ ਸ਼ਰਮਾ ਨੇ ਦੱਸਿਆ ਕਿ ਸਰਕਾਰ ਦੇ ਨੋਟਿਫਿਕੇਸ਼ਨ ਨੰਬਰ 3/94/2016 - SA1 / 1493 ਤਾਰੀਖ ੨੨ਜੁਲਾਈ ੨੦੧੬ ਦੇ ਅਨੁਸਾਰ ਜੋ ਐੱਸ.ਸੀ ਵਿਦਿਆਰਥੀ ਆਪਣੀ ਪੜਾਈ ਅੱਧੇ ਸੈਸ਼ਨ ਵਿੱਚ ਛੱਡ ਕੇ ਜਾਂਦੇ ਹਨ ਉਨ੍ਹਾਂਨੂੰ ਸਿੱਖਿਆ ਸੰਸਥਾਨਾਂ ਦੇ ਵਲੋਂ ਸਾਲ ੨੦੧੬-੧੭ ਪਹਿਲਾਂ ਲਈ ਗਈ ਫੀਸ ਵਾਪਸ ਰਿਫੰਡ ਨਹੀਂ ਕਰਣੀ ਪਵੇਗੀ।  ਪਰ ਸਰਕਾਰ ਦੇ ਵੱਲੋਂ ਕਾਲਜਾਂ ਦੇ ਨਾਲ ਧੱਕੇਸ਼ਾਹੀ ਕਰਕੇ ਪਾਲਿਸੀ ੨੦੧੧ -੧੨ ਤੋਂਂ ਲਾਗੁ ਕੀਤੀ ਗਈ ਜਿਸਨੂੰ ਕਾਲਜਾਂ ਵਲੋਂ ਕੀਤੇ ਗਏ ਸਕੈਂਡਲ ਦਾ ਨਾਮ ਦਿੱਤਾ ਜਾ ਰਿਹਾ ਹੈ।  ਕਾਨਫ਼ੇਡਰੇਸ਼ਨ ਆਫ਼ ਪੰਜਾਬ ਅਨਏਡਿਡ ਇੰਸਟੀਚਿਊਸ਼ੰਸ ਦੇ ਸਾਰੇ ਮੇਂਬਰਸ ਨੇ ਕਿਹਾ ਕਿ ਅਸੀ ਐੱਸ.ਸੀ ਜੱਥੇਬੰਦੀਆਂ ਨੂੰ ਅਪੀਲ ਕਰਦੇ ਹੈ ਕਿ ਉਹ ਫੇਡਰੇਸ਼ਨ ਦੇ ਨਾਲ ਜੁੜ ਸਰਕਾਰ ਉੱਤੇ ਦਬਾਏ ਬਣਾਉਣ ਤਾਂਕਿ ਐੱਸ.ਸੀ ਵਿਦਿਆਰਥੀਆਂ ਨੂੰ ਸੈਂਟਰ ਸਰਕਾਰ ਵਲੋਂ ਮਿਲ ਰਹੀ ਸਹੂਲਤਾਂ ਨੂੰ ਜਾਰੀ ਰੱਖਿਆ ਜਾ ਸਕੇ ਅਜਿਹਾ ਨਾ ਹੋ ਕਿ ਸੰਸਥਾਵਾਂ ਨੂੰ ਅਗਲੇ ਸਾਲ ਤੋਂ ਫੀਸਾਂ ਚਾਰਜ ਕਰਣ ਲਈ ਮਜਬੂਰ ਹੋਣਾ ਪਵੇਗਾ ਅਤੇ ਇਸਦੀ ਪੂਰੀ ਜ਼ਿੰਮੇਦਾਰ ਪੰਜਾਬ ਸਰਕਾਰ ਹੋ ਹੋਵੇਗੀ। 
ਫੇਡਰੇਸ਼ਨ ਨੇ ਫੈਸਲਾ ਕੀਤਾ ਹੈ ਕਿ ਜੇਕਰ ਇਸ ਤੇ ਐਕਸ਼ਨ ਨਹੀਂ ਲਿਆ ਗਿਆ ਜਾ ਐਸ.ਸੀ ਜੱਥੇਬੰਦੀਆਂ ਨਾਲ ਮਿਲਕੇ ਸੰਘਰਸ਼ ਕੀਤਾ ਜਾਵੇਗਾ ਅਤੇ ਜਿਲਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ।

ਭਗਵਾਨ ਵਾਲਮੀਕਿ ਲਾਇੰਸ ਗਰੁੱਪ ਦੇ ਯੂਨਿਟ 'ਚ ਬਣਾਏ ਨਵੇਂ ਮੈਂਬਰ
Source:  Punjab News Channel
Monday, 19 February 2018 21:48

ਜਲੰਧਰ 19 ਫਰਵਰੀ (ਜਸਵਿੰਦਰ ਆਜ਼ਾਦ)- ਭਗਵਾਨ ਵਾਲਮੀਕਿ ਲਾਇੰਸ ਗਰੁੱਪ ਦੇ ਸੰਸਥਾਪਕ ਸ਼੍ਰੀ ਕੇ ਕੇ ਸਭਰਵਾਲ ਜੀ ਨੇ ਯੂਨਿਟ ਦੇ ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਅਤੇ ਪਛਾਣ ਪੱਤਰ ਤੇ ਸਰੋਪਾ ਪਾ ਕੇ ਨਵੇਂ ਮੈਂਬਰਾਂ ਦਾ ਸਵਾਗਤ ਸਨਮਾਨ ਕੀਤਾ। ਇਸ ਮੌਕੇ ਤੇ ਅਸ਼ਵਨੀ ਜੀ ਮਿਆਣੀ ਪਿੰਡ ਤੋਂ ਸੁਰੇਸ਼ ਕੁਮਾਰ ਜਲੰਧਰ ਤੋਂ ਮੇਜਰ ਸੂਬੇਦਾਰ ਮੋਹਨ ਲਾਲ ਜੀ ਵਾਇਸ ਪ੍ਰੈਸੀਡੈਂਟ ਪੰਜਾਬ, ਰਣਜੀਤ ਸਿੰਘ ਜੀ ਨੌਰਥ ਯੂਥ ਵਿੰਗ ਦੇ ਪ੍ਰੈਸੀਡੈਂਟ, ਕਰਨ ਕੁਮਾਰ ਸਭਰਵਾਲ ਜਿਲਾ ਵਾਇਸ ਪ੍ਰੈਸੀਡੈਂਟ, ਤਜੇਸ਼ ਕੁਮਾਰ ਪ੍ਰੈਸ ਸੇਕ੍ਰੇਟਰੀ ਜਲੰਧਰ ਤੇ ਸਤਵੀਰ ਸਿੰਘ (ਪ੍ਰਿੰਸ) ਨੌਰਥ ਪ੍ਰੈਸ ਸੇਕ੍ਰੇਟਰੀ ਮੌਜੂਦ ਸੀ।

ਸੇਂਟ ਸੋਲਜਰ ਵਿੱਚ "ਰੁਕਸਤ" ਫੇਅਰਵੇਲ ਪਾਰਟੀ, ਨਵਰਿਤੁ ਮਿਸ, ਮੋਹਿਤ ਮਿਸਟਰ ਸੇਂਟ ਸੋਲਜਰ
Source:  Punjab News Channel
Monday, 19 February 2018 21:22

ਜਲੰਧਰ 19 ਫਰਵਰੀ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬ੍ਰਾਂਚ ਵਿੱਚ ਜੂਨਿਅਰ ਵਿਦਿਆਰਥੀਆਂ ਵਲੋਂ ਸੀਨਿਅਰਜ਼ ਵਿਦਿਆਰਥੀਆਂ ਲਈ "ਰੁਕਸਤ" ਫੇਅਰਵੇਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨਾਂ ਦਾ ਸਵਾਗਤ ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਵਲੋਂ ਕੀਤਾ ਗਿਆ। ਫੇਅਰਵੇਲ ਪਾਰਟੀ ਦੀ ਸ਼ੁਰੂਆਤ ਸ਼ਬਦ ਗਾਨ ਦੇ ਨਾਲ ਕੀਤੀ ਗਈ। ਵਿਦਿਆਰਥੀਆਂ ਵਲੋਂ ਗਰੁੱਪ ਡਾਂਸ, ਭੰਗੜਾ, ਮਾਡਲਿੰਗ ਅਤੇ ਗੀਤ ਦੇ ਨਾਲ ਸਭ ਦਾ ਮਨੋਰੰਜਨ ਕੀਤਾ ਗਿਆ। ਇਸ ਮੌਕੇ ਸੀਨੀਅਰ ਵਿਦਿਆਰਥੀਆਂ ਲਈ ਮਨੋਰੰਜਕ ਗੇੰਸ ਵੀ ਕਰਵਾਈਆ ਗਈਆਂ। ਮਾਡਲਿੰਗ, ਪਰਸਨੈਲਿਟੀ ਅਤੇ ਯੋਗਿਤਾ ਦੇ ਆਧਾਰ 'ਤੇ ਨਵਰਿਤੁ ਨੂੰ ਮਿਸ ਸੇਂਟ ਸੋਲਜਰ, ਮੋਹਿਤ ਨੂੰ ਮਿਸਟਰ ਸੇਂਟ ਸੋਲਜਰ ਚੁਣਿਆ ਗਿਆ ਇਸਦੇ ਇਲਾਵਾ ਰੂਪਜੀਤ ਨੂੰ ਮਿਸ ਇਵਨਿੰਗ, ਹਰਸ਼ਵੀਰ ਨੂੰ ਮਿਸਟਰ ਇਵਨਿੰਗ, ਸਿਮਰਨ ਨੂੰ ਮਿਸ ਪਰਸਨੈਲਿਟੀ, ਸੁਮਿਤ ਨੂੰ ਮਿਸਟਰ ਪਰਸਨੈਲਿਟੀ, ਸਪਨਾ ਨੂੰ ਮਿਸ ਐਕਸੀਲੇਂਸ, ਅਭੈ ਨੂੰ ਮਿਸਟਰ ਐਕਸੀਲੇਂਸ, ਨਕਿਤਾ ਨੂੰ ਮਿਸ ਪ੍ਰਫੈਕਟਨਿਸਟ, ਗਗਨਦੀਪ ਨੂੰ ਮਿਸਟਰ ਪਰਫੈਕਟਨਿਸਟ ਚੁਣਿਆ ਗਿਆ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਆਹੂਜਾ ਵਲੋਂ ਵਿਦਿਆਰਥੀਆਂ ਨੂੰ ਸੰਮਾਨਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਬੋਰਡ ਐਗਜਾਮ ਵਿੱਚ ਬੇਸਟ ਪਰਫਾਰਮੇਂਰਸ ਦੇਣ ਲਈ ਕਿਹਾ।


ਪੀਐਮ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
Source:  Quami Ekta Punjabi Newspaper
Monday, 19 February 2018 12:16

ਭਾਰਤ ਅਤੇ ਕੈਨੇਡਾ ਦੇ ਪਿਛਲੀ ਇਕ ਸਦੀ ਤੋਂ ਪੁਰਾਣੇ ਸੰਬੰਧ ਹਨ ਜਦੋਂ ਦੋਵੇਂ ਦੇਸ਼ ਅੰਗਰੇਜਾਂ ਦੇ ਗੁਲਾਮ ਸਨ। ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਦਾ ਕਾਮਾਗਾਟਾ ਮਾਰੂ ਜਹਾਜ ਜਦੋਂਕ ਕੈਨੇਡਾ ਪਹੁੰਚਿਆ ਤਾਂ ਅੰਗਰੇਜਾਂ ਨੇ ਕੈਨੇਡਾ ਵਿਚ ਦਾਖ਼ਲ ਹੋਣ ਤੋਂ ਰੋਕ  ਦਿੱਤਾ ਸੀ। ਭਾਰਤ ਵਾਪਸ ਪਰਤਦਿਆਂ ਪੰਜਾਬੀਆਂ ਦਾ ਗੋਲੀਆਂ ਅਤੇ ਗਿਰਫਤਾਰੀਆਂ ਨਾਲ ਸੁਆਗਤ ਕੀਤਾ ਸੀ ਕਿਉਂਕਿ ਦੋਵੇਂ ਦੇਸ ਗ਼ੁਲਾਮ ਸਨ। ਪਿਛਲੇ ਸਾਲ ਗੋਰਿਆਂ ਦੀ ਗ਼ਲਤੀ ਦਾ ਜਸਟਿਨ ਟਰੂਡੋ ਨੇ ਮੁਆਫੀ ਮੰਗਕੇ ਫਰਾਕਦਿਲੀ ਦਾ ਸਬੂਤ ਦਿੱਤਾ ਸੀ। ਭਾਰਤ ਵਿਚਲੇ ਪੰਜਾਬ ਤੋਂ ਬਾਅਦ ਕੈਨੇਡਾ ਵਿਚ ਪੰਜਾਬੀਆਂ ਦੀ ਜਨਸੰਖਿਆ ਦੂਜੇ ਨੰਬਰ ਤੇ ਹੈ। ਭਾਵੇਂ ਪੰਜਾਬ ਇਕ ਸੂਬਾ ਅਤੇ ਕੈਨੇਡਾ ਇੱਕ ਦੇਸ਼ ਹੈ ਪ੍ਰੰਤੂ ਫਿਰ ਵੀ ਪੰਜਾਬੀਆਂ ਦੀ ਜਨ ਸੰਖਿਆ ਉਥੇ ਜ਼ਿਆਦਾ ਹੋਣ ਕਰਕੇ ਪੰਜਾਬ ਸਰਕਾਰ ਅਤੇ ਕੈਨੇਡਾ ਦੀ ਸਰਕਾਰ ਵਿਚ ਸਬੰਧ ਸਦਭਾਵਨਾ ਵਾਲੇ ਹੋਣੇ ਜ਼ਰੂਰੀ ਹਨ। ਪਰਵਾਸ ਵਿਚ ਪੰਜਾਬੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੇ ਹਲ ਉਥੋਂ ਦੀ ਸਰਕਾਰ ਹੀ ਕਰ ਸਕਦੀ ਹੈ। ਜੇਕਰ ਦੋਹਾਂ ਸਰਕਾਰਾਂ ਦੇ ਸਬੰਧ ਬਿਹਤਰੀਨ ਹੋਣਗੇ ਤਾਂ ਪੰਜਾਬੀ ਆਪਣਾ ਕਾਰੋਬਾਰ ਅਤੇ ਜੀਵਨ ਸੰਤੁਸ਼ਟਤਾ ਨਾਲ ਬਸਰ ਕਰ ਸਕਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਪੰਜਾਬੀ ਮੰਤਰੀਆਂ ਦੀ ਭਾਰਤ ਫੇਰੀ 17-25 ਫਰਵਰੀ ਪੰਜਾਬੀਆਂ ਲਈ ਸ਼ੁਭ ਸ਼ਗਨ ਸਾਬਤ ਹੋਵੇਗੀ।

ਪ੍ਰਧਾਨ ਮੰਤਰੀ ਦੇ ਨਾਲ ਇੱਕ ਉਚ ਪੱਧਰੀ ਡੈਲੀਗੇਸ਼ਨ ਵੀ ਆ ਰਿਹਾ ਹੈ, ਜਿਸ ਵਿਚ ਚਾਰੇ ਪੰਜਾਬੀ ਮੂਲ ਦੇ ਮੰਤਰੀ ਹਰਜੀਤ ਸਿੰਘ ਸਾਜਨ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਅਤੇ ਸ੍ਰੀਮਤੀ ਬਰਦੀਸ਼ ਕੌਰ ਚੱਘਰ ਤੋਂ ਇਲਾਵਾ ਵਿਓਪਾਰਕ ਪ੍ਰਤੀਨਿਧ ਮੰਡਲ, ਮੈਂਬਰ ਪਾਰਲੀਮੈਂਟ ਅਤੇ ਕੁਝ ਚੋਣਵੇਂ ਪੱਤਰਕਾਰ ਵੀ ਸ਼ਾਮਲ ਹਨ। ਇਸ ਫੇਰੀ ਦੌਰਾਨ ਕੈਨੇਡਾ ਅਤੇ ਭਾਰਤ ਦਰਮਿਆਨ ਕਈ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਸਮਝੌਤਿਆਂ ਉਪਰ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਗੱਲਬਾਤ 22 ਫਰਵਰੀ ਨੂੰ ਦਿੱਲੀ ਵਿਖੇ ਹੋ ਰਹੀ ਹੈ। ਭਾਵੇਂ ਇਹ ਫੇਰੀ ਦੋਹਾਂ ਦੇਸ਼ਾਂ ਦਰਮਿਆਨ ਅਹਿਮ ਮਸਲਿਆਂ ਉਪਰ ਵਿਚਾਰ ਵਟਾਂਦਰਾ ਕਰਨ ਅਤੇ ਵਪਾਰਿਕ ਆਦਾਨ ਪ੍ਰਦਾਨ ਕਰਨ ਵਿਚ ਲਾਭਦਾਇਕ ਹੋਵੇਗੀ ਪ੍ਰੰਤੂ ਇਸ ਦੇ ਨਾਲ ਹੀ  ਪੰਜਾਬ ਅਤੇ ਪੰਜਾਬੀਆਂ ਲਈ ਵੀ ਇਹ ਯਾਤਰਾ ਮਹੱਤਵਪੂਰਨ ਹੋਵੇਗੀ ਕਿਉਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਵੀ ਜਾਣਗੇ। ਜਸਟਿਨ ਟਰੂਡੋ ਦੀ ਇਹ ਯਾਤਰਾ ਪੰਜਾਬ ਲਈ ਲਾਭਦਾਇਕ ਹੋਵੇਗੀ ਅਤੇ ਕੈਨੇਡਾ ਅਤੇ ਪੰਜਾਬ ਵਿਚ ਵਸ ਰਹੇ ਪੰਜਾਬੀਆਂ ਵਿਚ ਸਦਭਾਵਨਾ ਦਾ ਵਾਤਾਵਰਨ ਸਥਾਪਤ ਕਰਨ ਵਿਚ ਸਹਾਈ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਸਾਲ ਅਪ੍ਰੈਲ ਵਿਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਾਜਨ ਪੰਜਾਬ ਦੀ ਆਪਣੀ ਨਿੱਜੀ ਯਾਤਰਾ ਉਪਰ ਪੰਜਾਬ ਆਏ ਸਨ ਤਾਂ ਉਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰਨ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ ਸਨ, ਹਾਲਾਂ ਕਿ ਹਰਜੀਤ ਸਿੰਘ ਸਾਜਨ ਦੇ ਪ੍ਰੋਗਰਾਮ ਵਿਚ ਮੁੱਖ ਮੰਤਰੀ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਸ਼ਾਮਲ ਹੀ ਨਹੀਂ ਸੀ। ਉਦੋਂ ਪੰਜਾਬ ਸਰਕਾਰ ਅਤੇ ਕੈਨੇਡਾ ਸਰਕਾਰ ਦੇ ਸੰਬੰਧਾਂ ਵਿਚ ਖਟਾਸ ਅਤੇ ਕੁੜੱਤਣ ਪੈਦਾ ਹੋ ਗਈ ਸੀ ਕਿਉਂਕਿ ਖਬਰਾਂ ਵਿਚ ਕਿਹਾ ਗਿਆ ਸੀ ਕਿ ਹਰਜੀਤ ਸਿੰਘ ਸਾਜਨ ਵੱਖਵਾਦੀਆਂ ਨਾਲ ਹਮਦਰਦੀ ਰੱਖਦੇ ਹਨ। ਇਸ ਫੇਰੀ ਤੋਂ ਪਹਿਲਾਂ ਹੀ ਕੈਨੇਡਾ ਦੇ ਦੋਵੇਂ ਮੰਤਰੀਆਂਹਰਜੀਤ  ਸਿੰਘ ਸਾਜਨ ਅਤੇ ਅਮਰਜੀਤ ਸਿੰਘ ਸੋਹੀ  ਦਾ ਬਿਆਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਹੈ ਕਿ ਉਹ ਖਾਲਿਸਤਾਨ ਦੇ ਹਮਦਰਦ ਨਹੀਂ ਹਨ।

ਇਹ ਬਿਆਨ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਬਿਹਤਰ ਬਣਾਉਣ ਵਲ ਸ਼ੁਭ ਸ਼ਗਨ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ। ਦੋਵੇਂ ਮੰਤਰੀਆਂ ਦਾ ਇਹ ਬਿਆਨ ਵੀ ਪੰਜਾਬੀਆਂ ਵਿਚ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਉਦਮ ਲੱਗਦਾ ਹੈ। ਇਸ ਤੋਂ ਬਾਅਦ ਇਹ ਖ਼ਬਰਾਂ ਵੀ ਪ੍ਰਕਾਸ਼ਤ ਹੋਈਆਂ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੰਤਰੀਆਂ ਦੇ ਬਿਆਨ ਦਾ ਸੁਆਗਤ ਕੀਤਾ ਹੈ ਅਤੇ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਮੁੱਖ ਮੰਤਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਮਿਲਣਗੇ। ਜੇਕਰ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਿਲਕੇ ਉਨ੍ਹਾਂ ਦਾ ਸੁਆਗਤ ਕਰਦੇ ਹਨ ਤਾਂ ਇਸ ਫੇਰੀ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਪੰਜਾਬੀਆਂ ਵਿਚ ਵੀ ਮਿਲਵਰਤਨ ਵੱਧਣ ਦੀ ਉਮੀਦ ਕੀਤੀ ਜਾਂਦੀ ਹੈ। ਕੈਨੇਡਾ ਦੇ 13 ਸੂਬਿਆਂ ਵਿਚ ਲਗਪਗ ਤੇਰਾਂ ਲੱਖ ਪੰਜਾਬੀ ਵਸੇ ਹੋਏ ਹਨ। ਇਸ ਤੋਂ ਇਲਾਵਾ ਪਿਛਲੇ ਸਾਲ 1 ਲੱਖ 50 ਹਜ਼ਾਰ ਵਿਦਿਆਰਥੀ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਚ ਸਿਖਿਆ ਲੈ ਰਹੇ ਹਨ। ਹਰ ਸਾਲ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧਦੀ ਹੀ ਜਾ ਰਹੀ ਹੈ। ਕੈਨੇਡਾ ਵਿਚ 19 ਪੰਜਾਬੀ ਮੈਂਬਰ ਪਾਰਲੀਮੈਂਟ ਜਿਨ੍ਹਾਂ ਵਿਚੋਂ 4 ਹਰਜੀਤ ਸਿੰਘ ਸਾਜਨ, ਨਵਦੀਪ ਸਿੰਘ ਬੈਂਸ, ਅਮਰਜੀਤ ਸਿੰਘ ਸੋਹੀ ਅਤੇ ਬਰਦੀਸ਼ ਕੌਰ ਚੱਘਰ ਮੰਤਰੀ ਹਨ। ਇਸ ਤੋਂ ਇਲਾਵਾ 13 ਰਾਜਾਂ ਵਿਚ ਲਗਪਗ 45 ਭਾਰਤੀ ਵਿਧਾਨਕਾਰ ਅਤੇ ਹੋਰ ਉਚੇ ਅਹੁਦਿਆਂ ਉਪਰ ਤਾਇਨਾਤ ਹਨ। ਨਾਰਥ ਅਮਰੀਕਾ ਦੀ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਵਿਲੀਅਮ ਲੇਕ ਸ਼ਹਿਰ ਦੇ ਕਾਰੋਬਾਰੀ ਗਿਆਨ ਸਿੰਘ ਸੰਧੂ ਦੀ ਲੜਕੀ ਅਤੇ ਪੰਜਾਬੀ ਦੇ ਸਾਹਿਤਕਾਰ ਰਵਿੰਦਰ ਸਿੰਘ ਰਵੀ ਦੀ ਨੂੰਹ ਪਹਿਲੀ ਪਗੜਧਾਰੀ ਪੰਜਾਬਣ ਪਰਮਿੰਦਰ ਕੌਰ ਸ਼ੇਰਗਿਲ ਸੁਪਰੀਮ ਕੋਰਟ ਦੀ ਜੱਜ ਬਣੀ ਹੈ। ਗਿਆਨ ਸਿੰਘ ਸੰਧੂ ਅਮਰੀਕਾ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਦੀਦਾਰ ਸਿੰਘ ਬੈਂਸ ਦੇ ਸਹਿਯੋਗ ਨਾਲ ਕੰਮ ਕਰਦੇ ਆ ਰਹੇ ਹਨ। ਸ਼ੇਰਗਿਲ ਭਾਈਚਾਰਾ ਹਮੇਸ਼ਾ ਹੀ ਪੰਜਾਬ ਵਿਚ ਵੀ ਮਹੱਤਵਪੁਰਨ ਯੋਗਦਾਨ ਪਾਉਂਦਾ ਰਿਹਾ ਹੈ। ਪੰਜਾਬ ਵਿਚ ‘ਦੀ ਟਰਬਿਊਨ’ ਅਖ਼ਬਾਰ ਨੂੰ ਸ਼ੁਰੂ ਕਰਨ ਵਾਲੇ ਦਿਆਲ ਸਿੰਘ ਮਜੀਠੀਆ ਵੀ ਉਸੇ ਪਰਿਵਾਰ ਵਿਚੋਂ ਸਨ। ਸ੍ਰੀਮਤੀ ਅੰਮ੍ਰਿਤਾ ਸ਼ੇਰਗਿਲ ਸੰਸਾਰ ਪ੍ਰਸਿਧ ਪੇਂਟਰ ਵੀ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਪੰਜਾਬ ਵਿਚ ਕਿਤਨੇ ਹੀ ਸਿਖਿਆ ਅਦਾਰੇ ਇਸੇ ਪਰਿਵਾਰ ਦੀ ਦੇਣ ਹਨ। ਇਸੇ ਤਰ੍ਹਾਂ ਨਰਪਾਲ ਸਿੰਘ ਸ਼ੇਰਗਿਲ ਪਿਛਲੇ ਪੰਦਰਾਂ ਸਾਲਾਂ ਤੋਂ ਲਗਾਤਰ ਇੱਕ ਪੁਸਤਕ ਇੰਡੀਅਨਜ ਅਬਰਾਡ ਐਂਡ ਇਟਸ ਇਮਪੈਕਟ ਪਰਵਾਸੀਆਂ ਸੰਬੰਧੀ ਪਰਕਾਸ਼ਤ ਕਰਦਾ ਆ  ਰਿਹਾ ਹੈ। ਇਸਤੋਂ ਪਹਿਲਾਂ ਵੀ ਛਿੰਦਰ ਪੁਰੇਵਾਲ ਅਤੇ ਗੁਰਮੇਲ ਸਿੰਘ ਹੇਠਲੀਆਂ ਕੋਰਟਾਂ ਦੇ ਜੱਜ ਰਹੇ ਹਨ। ਜਗਮੀਤ ਸਿੰਘ ਪਹਿਲਾ ਪੰਜਾਬੀ ਹੈ ਜਿਹੜਾ ਕਿਸੇ ਕੌਮੀ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ ਦਾ ਮੁੱਖੀ ਬਾਕਾਇਦਾ ਵੋਟਾਂ ਪ੍ਰਾਪਤ ਕਰਕੇ ਚੁਣਿਆਂ ਗਿਆ ਹੈ।

ਪੰਜਾਬੀ ਭਾਈਚਾਰਾ ਕੈਨੇਡਾ ਦੀ ਆਰਥਿਤਾ ਵਿਚ ਜਿਥੇ ਵਡਮੁਲਾ ਯੋਗਦਾਨ ਪਾ ਰਿਹਾ ਹੈ, ਉਥੇ ਆਪ ਵੀ ਖ਼ੁਸ਼ਹਾਲ ਹੋ ਰਿਹਾ ਹੈ, ਜਿਸਦਾ ਸਿੱਧਾ ਲਾਭ ਭਾਰਤੀ ਪੰਜਾਬ ਨੂੰ ਵੀ ਹੋ ਰਿਹਾ ਹੈ। ਇਨ੍ਹਾਂ ਸਬੰਧਾਂ ਦਾ ਵੀ ਚੰਗਾ ਪ੍ਰਭਾਵ ਪਵੇਗਾ। ਪਰਵਾਸੀ ਭਾਰਤੀ ਆਪੋ ਆਪਣੇ ਇਲਾਕਿਆਂ ਦੇ ਵਿਕਾਸ ਵਿਚ ਹਿੱਸਾ ਪਾ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਪੰਜਾਬ ਸਰਕਾਰ  ਵੱਲੋਂ ਪ੍ਰਧਾਨ ਮੰਤਰੀ ਅਤੇ ਉਚ ਪੱਧਰੀ ਡੈਲੀਗੇਸ਼ਨ ਦੀ ਆਓ ਭਗਤ ਕਰਨ ਨਾਲ ਸਬੰਧ ਹੋਰ ਵਧੇਰੇ ਮਜ਼ਬੂਤ ਹੋਣਗੇ। ਆਪਸੀ ਵਿਸ਼ਵਾਸ ਦਾ ਰਿਸ਼ਤਾ ਵਧੇਗਾ। ਜੇਕਰ ਦੋਹਾਂ ਦੇਸ਼ਾਂ ਖਾਸ ਤੌਰ ਪੰਜਾਬ ਨਾਲ ਕੈਨੇਡਾ ਦੇ ਸੰਬੰਧ ਸਾਜਗਾਰ ਹੋਣਗੇ ਤਾਂ ਕੈਨੇਡਾ ਵਿਚ ਇਮੀਗਰੇਸ਼ਨ ਸੰਬੰਧੀ ਸਮੱਸਿਆਵਾਂ ਦੇ ਸਾਰਥਕ ਹਲ ਲੱਭਣ ਵਿਚ ਸੌਖ ਹੋਵੇਗੀ ਕਿਉਂਕਿ ਜਿਹੜੇ 1 ਲੱਖ 50 ਹਜ਼ਾਰ ਵਿਦਿਅਰਥੀ ਕੈਨੇਡਾ ਵਿਚ ਸਿਖਿਆ ਲੈ ਰਹੇ ਹਨ, ਉਨ੍ਹਾਂ ਦੇ ਉਥੇ ਵਸਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਸਭ ਤੋਂ ਪਹਿਲਾਂ ਕੈਨੇਡਾ ਵਿਚ ਆਸਾ ਸਿੰਘ ਘੁੰਮਣ, ਨੰਦ ਸਿੰਘ ਪਲਾਹੀ ਅਤੇ ਸੇਵਾ ਸਿੰਘ ਪਾਲਦੀ ਨੇ ਆਰਿਆਂ ਦੇ ਕਾਰਖਾਨੇ ਸਥਾਪਤ ਕੀਤੇ ਸਨ। ਭਾਵੇਂ ਸ਼ੁਰੂ ਵਿਚ ਪੰਜਾਬੀ ਕੈਨੇਡਾ ਦੇ ਪਰਵਾਸ ਸਮੇਂ ਇਨ੍ਹਾਂ ਲੱਕੜ ਦੇ ਆਰਿਆਂ ਅਤੇ ਹੋਰ ਫੈਕਟਰੀਆਂ ਵਿਚ ਕੰਮ ਕਰਦੇ ਸਨ ਪ੍ਰੰਤੂ ਇਸ ਸਮੇਂ ਪੰਜਾਬੀ ਹਰ ਖੇਤਰ ਵਿਚ ਮੋਹਰੀ ਦੀ ਭੂਮਿਕਾ ਨਿਭਾ ਰਹੇ ਹਨ। ਸਿਆਸਤਦਾਨ, ਡਾਕਟਰ, ਵਕੀਲ , ਆਈ.ਟੀ ਮਾਹਿਰ, ਟਰਾਂਸਪੋਰਟ, ਰੈਸਟੋਰੈਂਟ, ਰੀਅਲ ਅਸਟੇਟ ਅਤੇ ਖੇਤੀਬਾੜੀ ਵਿਚ ਪੰਜਾਬੀ ਕੈਨੇਡਾ ਵਿਚ ਵਿਲੱਖਣ ਕੰਮ  ਕਰ ਰਹੇ ਹਨ। ਇਸ ਪ੍ਰਕਾਰ ਕੈਨੇਡਾ ਅਤੇ ਪੰਜਾਬ ਦੀ ਆਰਥਿਕਤਾ ਵਿਚ ਵਿਸ਼ੇਸ ਤੌਰ ਤੇ ਯੋਗਦਾਨ ਪਾ ਰਹੇ ਹਨ।

ਜਿਹੜੇ ਪਰਵਾਸੀ ਪੰਜਾਬੀ ਕੈਨੇਡਾ ਵਸੇ ਹੋਏ ਹਨ, ਸਾਜਗਾਰ ਹਾਲਾਤ ਸਮੇਂ ਉਹ ਪੰਜਾਬ ਵਿਚ ਇਨਵੈਸਟ ਕਰਨ ਵਿਚ ਖ਼ੁਸ਼ੀ ਮਹਿਸੂਸ ਕਰਨਗੇ। ਪੁਰੇਵਾਲ ਭਰਾ ਖੇਤੀਬਾੜੀ ਖੇਤਰ ਵਿਚ ਵੱਡੇ ਪੱਧਰ ਤੇ ਕਾਰੋਬਾਰ ਕਰ ਰਹੇ ਹਨ। ਦੀਦਾਰ ਸਿੰਘ ਬੈਂਸ ਦਾ ਪਰਿਵਾਰ ਭਾਵੇਂ ਅਮਰੀਕਾ ਰਹਿੰਦਾ ਹੈ ਪ੍ਰੰਤੂ ਕੈਨੇਡਾ ਵਿਚ ਉਨ੍ਹਾਂ ਦੇ ਖੇਤੀਬਾੜੀ ਦੇ ਫਾਰਮ ਹਨ। ਹਰਪਾਲ ਸਿੰਘ ਧਾਲੀਵਾਲ ਅਤੇ ਚਰਨ ਗਿੱਲ ਵੀ ਆਪੋ ਆਪਣੇ ਖੇਤਰ ਵਿਚ ਮਾਹਰਕੇ ਮਾਰ ਰਹੇ ਹਨ। ਜੱਗੀ ਉਪਲ ਜੋ ਪਿਛਲੇ ਸਾਲ ਸਵਰਗਵਾਸ ਹੋ ਗਿਆ ਸੀ ਉਹ ਵੀ ਕੈਨੇਡਾ ਦਾ ਵੱਡਾ ਵਿਓਪਾਰੀ ਸੀ। ਕੈਨੇਡਾ ਵਿਚ ਲਗਪਗ 100 ਗੁਰਦੁਆਰਾ ਸਾਹਿਬਾਨ ਹਨ, ਜਿਨ੍ਹਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸ਼ਰਧਾਲੂ ਦਰਸ਼ਨ ਕਰਨ ਲਈ ਜਾਂਦੇ ਹਨ। ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿਚ ਪੰਜਾਬ ਤੋਂ ਗ੍ਰੰਥੀ ਲਿਆਕੇ ਨਿਯੁਕਤ ਕੀਤੇ ਜਾਂਦੇ ਹਨ, ਫਿਰ ਇਹ ਸਾਰੇ ਆਪਣੇ ਪਰਿਵਾਰਾਂ ਸਮੇਤ ਇਥੇ ਵਸ ਜਾਂਦੇ ਹਨ। ਚੰਗੇ ਸੰਬੰਧਾਂ ਦੇ ਹੋਣ ਕਰਕੇ ਇਨ੍ਹਾਂ ਨੂੰ ਮੰਗਵਾਉਣ ਵਿਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਸਿਆਸੀ ਖੇਤਰ ਵਿਚ ਪੰਜਾਬੀਆਂ ਨੇ ਮੱਲਾਂ ਮਾਰਨੀਆਂ 1992 ਵਿਚ ਹੀ ਸ਼ੁਰੂ ਕਰ ਦਿੱਤੀਆਂ ਸਨ ਜਦੋਂ ਮਨਮੋਹਨ ਸਿੰਘ ਸਹੋਤਾ (‘ਮੋਅ ਸਹੋਤਾ’) ਬ੍ਰਿਟਿਸ਼ ਕੋ¦ਬੀਆ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਬਣਿਆਂ ਸੀ। ਉਸ ਤੋਂ ਬਾਅਦ ਹਰਬ ਧਾਲੀਵਾਲ ਕੈਨੇਡਾ ਦੀ ਸਰਕਾਰ ਵਿਚ ਕੈਬਨਿਟ ਮੰਤਰੀ ਬਣ ਗਿਆ ਸੀ। ਉਜਲ ਦੋਸਾਂਝ ਬ੍ਰਿਟਿਸ਼ ਕੋ¦ਬੀਆ ਦਾ ਪ੍ਰੀਮੀਅਰ ਅਰਥਾਤ ਮੁੱਖ ਮੰਤਰੀ ਅਤੇ ਉਸਤੋਂ ਬਾਅਦ ਕੇਂਦਰੀ ਮੰਤਰੀ ਬਣ ਗਿਆ ਸੀ। ਪਿਛਲੀ ਸਟੀਫਨ ਹਾਰਪਰ ਸਰਕਾਰ ਵਿਚ ਟਿਮ ਉਪਲ ਅਤੇ ਬਿਲ ਗੋਸਲ ਵੀ ਮੰਤਰੀ ਰਹੇ ਹਨ। ਇਸ ਜਸਟਿਨ ਟਰੂਡੋ ਸਰਕਾਰ ਵਿਚ ਚਾਰ ਮੰਤਰੀ ਹਨ, ਜੋ ਪ੍ਰਧਾਨ ਮੰਤਰੀ ਨਾਲ ਦੌਰੇ ਤੇ ਆ ਰਹੇ ਹਨ।

ਕੈਨੇਡਾ ਵਿਚ ਤੇਰਾਂ ਲੱਖ ਤੋਂ ਉਪਰ ਪੰਜਾਬੀਆਂ ਦੇ ਵਸਣ ਕਰਕੇ ਇਥੇ 30 ਤੋਂ ਉਪਰ ਪੰਜਾਬੀ ਦੇ ਸਪਤਾਹਿਕ, ਰੋਜਾਨਾ ਅਤੇ ਆਨ ਲਾਈਨ ਅਖ਼ਬਾਰ ਪ੍ਰਕਾਸ਼ਤ ਹੋ ਰਹੇ ਹਨ, ਜੋ ਪੰਜਾਬੀਆਂ ਦੀ ਆਰਥਿਕਤਾ ਮਜ਼ਬੂਤ ਕਰ ਰਹੇ ਹਨ। ਇਹ ਅਖ਼ਬਾਰ ਤਿਆਰ ਭਾਰਤ ਵਿਚਲੇ ਪੰਜਾਬ ਵਿਚ ਹੁੰਦੇ ਹਨ ਪ੍ਰੰਤੂ ਪ੍ਰਕਾਸ਼ਤ ਕੈਨੇਡਾ ਵਿਚ ਹੋ ਰਹੇ ਹਨ। ਇਸ ਲਈ ਪੰਜਾਬ ਨੂੰ ਵੀ ਲਾਭ ਹੋ ਰਿਹਾ ਹੈ। ਇਸ ਤੋਂ ਇਲਾਵਾ 10 ਰੇਡੀਓ ਅਤੇ ਟੈਲੀਵਿਜਨ ਵੀ ਚਲ ਰਹੇ ਹਨ। ਇਸ ਸਾਰੇ ਕਾਰੋਬਾਰ ਦਾ ਪੰਜਾਬੀਆਂ ਨੂੰ ਹੀ ਲਾਭ ਹੋ ਰਿਹਾ ਹੈ। ਕੈਨੇਡਾ ਦੀ ਸਰਕਾਰ ਦਾ ਪੰਜਾਬ ਨਾਲ ਚੰਗੇ ਸੰਬੰਧਾਂ ਦਾ ਸਾਰੇ ਕਾਰੋਬਾਰਾਂ ਤੇ ਅਸਰ ਪਵੇਗਾ ਅਤੇ ਪੰਜਾਬੀ ਦੋਹਾਂ ਥਾਵਾਂ ਤੇ ਖ਼ੁਸ਼ਹਾਲ ਹੋਣਗੇ। ਸ਼ਾਲਾ ਇਹ ਸੰਬੰਧ ਇਸੇ ਤਰ੍ਹਾਂ ਬਰਕਰਾਰ ਰਹਿਣ। ਸਿਆਸੀ ਪੜਚੋਲਕਾਰ ਮਹਿਸੂਸ ਕਰਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਰਮ ਵਤੀਰੇ ਦਾ ਕਾਰਨ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਹਨ ਕਿਉਂਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਰਵਾਸੀ ਭਾਰਤੀਆਂ ਨੇ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਸੀ।

ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀ ਕਿਸੇ ਹੋਰ ਅਕਾਲੀ ਨੇਤਾ ਨਾਲੋਂ ਬਿਹਤਰੀਨ ਸਿੱਖ ਸਮਝਦੇ ਹਨ ਕਿਉਂਕਿ ਉਨ੍ਹਾਂ ਬਲਿਊ ਸਟਾਰ ਅਪ੍ਰੇਸ਼ਨ ਤੋਂ ਤੁਰੰਤ ਬਾਅਦ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਤੋਂ ਪਿਛਲੇ ਸਾਲ ਹਰਜੀਤ ਸਿੰਘ ਸਾਜਨ ਦਾ ਸੁਆਗਤ ਨਾ ਕਰਨ ਕਰਕੇ ਪਰਵਾਸੀ ਪੰਜਾਬੀ ਨਾਰਾਜ਼ ਸਨ, ਕੈਪਟਨ ਅਮਰਿੰਦਰ ਸਿੰਘ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੁਆਗਤ ਕਰਕੇ ਉਹ ਧੱਬਾ ਲਾਹੁਣਾ ਚਾਹੁੰਦਾ ਹੈ, ਜਿਸ ਨਾਲ ਪੰਜਾਬੀਆਂ ਦਾ ਦਿਲ ਜਿੱਤ ਲਵੇਗਾ। ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨੂੰ ਇਸ ਦੌਰੇ ਦਾ ਲਾਭ ਲੈਣ ਤੋਂ ਰੋਕਣ ਵਿਚ ਵੀ ਸਫਲ ਹੋ ਸਕਦਾ ਹੈ। ਅਕਾਲੀ ਦਲ ਤਜਵੀਜ ਕਰ ਰਿਹਾ ਹੈ ਕਿ ਜਿਵੇਂ ਉਸਨੇ 1997 ਵਿਚ ਮਹਾਰਾਣੀ ਐਲਜਾਵੈਥ-2, 2004 ਵਿਚ ਡਾ.ਮਨਮੋਹਨ ਸਿੰਘ ਅਤੇ ਅਪ੍ਰੈਲ 2017 ਵਿਚ ਹਰਜੀਤ ਸਿੰਘ ਸਾਜਨ ਦਾ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ਉਪਰ ਸਟੇਜ ਲਾ ਕੇ ਸੁਆਗਤ ਕੀਤਾ ਸੀ, ਉਸੇ ਤਰ੍ਹਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਜਾਵੇ। ਕੈਪਟਨ ਅਮਰਿੰਦਰ ਸਿੰਘ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦਾ ਹੈ। ਵੇਖੋ ਊਟ ਕਿਸ ਕਰਵਟ ਬੈਠਦਾ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ


ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਨਵੀਂ ਚੁਣੀ ਕਮੇਟੀ ਨੇ ਨਵੇਂ ਸਾਲ ਲਈ ਵਿਲੱਖਣ ਪ੍ਰੋਗਰਾਮ ਉਲੀਕੇ
Source:  Quami Ekta Punjabi Newspaper
Monday, 19 February 2018 12:02

ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਨਸਿਜ਼ ਸੈਂਟਰ ਵਿਖੇ, ਕੜਾਕੇ ਦੀ ਸਰਦੀ ਵਿੱਚ ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਵਿੱਚ ਸਭ ਤੋਂ ਪਹਿਲਾਂ, ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ  ਸਭ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਸਨੋ-ਫਾਲ ਵਿੱਚ ਵੀ ਹੁੰਮ ਹੁੰਮਾ ਕੇ ਮੀਟਿੰਗ ਵਿੱਚ ਪੁੱਜਣ ਲਈ, ਸਭ ਦਾ ਧੰਨਵਾਦ ਕੀਤਾ। ਕੈਲਗਰੀ ਦੀ ਗੀਤਕਾਰਾ ਹਰਮਿੰਦਰ ਕੌਰ ਦੀ ਮੌਤ ਦੀ ਦੁਖਦਾਈ ਖਬਰ ਦੇ ਨਾਲ ਹੀ, ਸਭਾ ਦੇ ਮੈਂਬਰ ਸੁਰਿੰਦਰ ਚੀਮਾ ਦੇ ਭਰਾ ਦੇ ਅਕਾਲ ਚਲਾਣੇ ਦੇ ਸ਼ੋਕ ਸਮਾਚਾਰ ਸੁਣਦਿਆਂ, ਸਭਾ ਦਾ ਮਹੌਲ ਗ਼ਮਗੀਨ ਹੋ ਗਿਆ। ਸ਼ੋਕ ਮਤੇ ਦੇ ਨਾਲ, ਸਭਾ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ, ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਸਭਾ ਦੇ ਐਗਜ਼ੈਕਟਿਵ ਮੈਂਬਰ ਬਲਜੀਤ ਜਠੌਲ ਦੀ ਤੰਦਰੁਸਤੀ ਦੀ ਵੀ ਅਰਦਾਸ ਕੀਤੀ ਗਈ, ਜਿਹਨਾਂ ਨੂੰ ਸੇਹਤ ਠੀਕ ਨਾ ਹੋਣ ਕਾਰਨ ਜਲਦੀ ਇੰਡੀਆ ਤੋਂ ਵਾਪਿਸ ਆਉਣਾ ਪਿਆ।

ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ, ਸਕੱਤਰ ਨੇ ਦੱਸਿਆ ਕਿ- ਸਾਡੀ ਸਭਾ ਨੇ ਦੋ ਸਾਲ ਦਾ ਮਾਣ-ਮੱਤਾ ਸਫਰ ਤਹਿ ਕਰ ਲਿਆ ਹੈ, ਜਿਸ ਦਾ ਸਿਹਰਾ ਯੋਗ ਅਗਵਾਈ ਤੇ ਸਮੂਹ ਮੈਂਬਰਾਂ ਵਲੋਂ ਮਿਲੇ ਭਰਪੂਰ ਸਹਿਯੋਗ ਨੂੰ ਜਾਂਦਾ ਹੈ। ਨਾਲ ਹੀ ਇਹ ਵੀ ਦੱਸਿਆ ਕਿ- ਦੋ ਸਾਲ ਬਾਅਦ ਕਮੇਟੀ ਦੀ ਦੁਬਾਰਾ ਚੋਣ ਦੇ ਨਿਯਮ ਦੀ ਪਾਲਣਾ ਕਰਦੇ ਹੋਏ, ਪਿਛਲੇ ਮਹੀਨੇ ਐਗਜ਼ੈਕਟਿਵ ਦੀ ਮੀਟਿੰਗ ਵਿੱਚ ਹੋਈ ਚੋਣ ਅਨੁਸਾਰ ਨਵੀਂ ਪ੍ਰਬੰਧਕੀ ਕਮੇਟੀ ਵਿੱਚ- ਪ੍ਰਧਾਨ  ਡਾ. ਬਲਵਿੰਦਰ ਕੌਰ ਬਰਾੜ (ਉਹੀ), ਕੋ-ਓਰਡੀਨੇਟਰ ਗੁਰਚਰਨ ਕੌਰ ਥਿੰਦ (ਉਹੀ), ਜਨਰਲ ਸਕੱਤਰ ਗੁਰਦੀਸ਼ ਕੌਰ ਗਰੇਵਾਲ, ਸਹਾਇਕ ਸਕੱਤਰ ਜਗੀਰ ਕੌਰ ਗਰੇਵਾਲ ਅਤੇ ਖਜ਼ਾਨਚੀ ਦੀ ਡਿਊਟੀ ਸੀਮਾ ਚੱਠਾ ਨੂੰ ਸੌਂਪੀ ਗਈ ਹੈ। ਬਾਕੀ ਕਮੇਟੀਆਂ ਪਹਿਲਾਂ ਵਾਂਗ ਹੀ ਕੰਮ ਕਰਨਗੀਆਂ ਜਦ ਕਿ ਆਉਣ ਵਾਲੇ ਸਮੇਂ ਵਿੱਚ ਲੋੜ ਅਨੁਸਾਰ ਐਗਜ਼ੈਕਟਿਵ ਮੈਂਬਰਾਂ ਵਿੱਚ ਵਾਧਾ ਹੋ ਸਕਦਾ ਹੈ। ‘ਅਸੀਂ ਸਾਰੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਤਨ-ਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਾਂ’- ਕਹਿੰਦਿਆਂ ਹੋਇਆਂ, ਉਹਨਾਂ ਮੈਡਮ ਬਲਵਿੰਦਰ ਕੌਰ ਬਰਾੜ ਨੂੰ ਨਵੇਂ ਸਾਲ ਲਈ ਉਲੀਕੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ।

ਮੈਡਮ ਬਰਾੜ ਨੇ ਕਿਹਾ ਕਿ- ਇਸ ਟੈਕਨੌਲੌਜੀ ਦੇ ਯੁੱਗ ਵਿੱਚ ਨਵੀਂ ਪੀੜ੍ਹੀ ਦੇ ਹਾਣ ਦੇ ਬਣਨ ਲਈ ਸਾਨੂੰ ਸਭ ਨੂੰ ਕੰਪਿਊਟਰ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ ਜੋ ਕਿ ਸਾਡੇ ਬਹੁਤੇ ਮੈਂਬਰਾਂ ਨੂੰ ਨਹੀਂ ਹੈ। ਇਸ ਲਈ ਇਸ ਸਾਲ, ਕੰਪਿਊਟਰ ਸਿਖਾਉਣ ਦੀਆਂ ਕਲਾਸਾਂ ਸ਼ੁਰੁ ਕਰਨ ਦੀ ਯੋਜਨਾ ਹੈ- ਜਿਸ ਲਈ ਸੀਮਾ ਚੱਠਾ ਨੇ ਵੋਲੰਟੀਅਰ ਸੇਵਵਾਂ ਦੀ ਪੇਸ਼ਕਸ਼ ਕੀਤੀ ਹੈ। ਟੂਰ ਕਮੇਟੀ ਦੇ ਇੰਚਾਰਜ ਹੋਣ ਦੇ ਨਾਤੇ, ਉਹਨਾਂ ਇਹ ਵੀ ਦੱਸਿਆ ਕਿ- ਇਸ ਸਾਲ  ਮੈਂਬਰਾਂ ਨੂੰ ਐਡਮੰਟਨ ਦੇ ਲੰਬੇ ਟੂਰ ਤੇ ਲਿਜਾਣ ਦੀ ਵੀ ਵਿਚਾਰ ਹੈ। ਇਹਨਾਂ ਵਿਚਾਰਾਂ ਦਾ ਸਭ ਨੇ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ। ਆਪਣੀ ਗੈਰਹਾਜ਼ਰੀ ਵਿੱਚ ਮੀਟਿੰਗ ਦੀ ਕਾਰਵਾਈ ਚਲਾਉਣ ਦਾ ਅਧਿਕਾਰ, ਉਹਨਾਂ ਨੇ ਆਪਣੇ ਵਲੋਂ ਮੈਡਮ ਸੁਰਿੰਦਰ ਗੀਤ ਨੂੰ ਦੇ ਦਿੱਤਾ।

ਰਚਨਾਵਾਂ ਦੇ ਦੌਰ ਵਿੱਚ- ਸਤਵਿੰਦਰ ਕੌਰ ਫਰਵਾਹਾ ਨੇ ਇੱਕ ਲੋਕ ਗੀਤ, ਜੋਗਿੰਦਰ ਪੁਰਬਾ ਨੇ ਲੋਕ ਗੀਤ, ਜਤਿੰਦਰ ਪੇਲੀਆ ਤੇ ਹਰਬੰਸ ਪੇਲੀਆ (ਕੁੜਮਣੀਆਂ) ਨੇ ਲੰਬੀ ਹੇਕ ਦਾ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ ਜਦ ਕਿ ਜਗਦੀਸ਼ ਬਰੀਆ ਨੇ ਚੁਟਕਲਾ ਸੁਣਾ ਕੇ ਮਹੌਲ ਖੁਸ਼ਗਵਾਰ ਕਰ ਦਿਤਾ। ਨਵੇਂ ਆਏ ਮੈਂਬਰ ਜਸਮਿੰਦਰ ਕੌਰ ਬਰਾੜ ਤੇ ਸਰਬਜੀਤ ਕੰਦੋਲਾ ਨੇ ਗਿੱਧੇ ਦੀ ਬੋਲੀ ਪਾਈ ਜਦ ਕਿ ਅਮਰਜੀਤ ਸੱਗੂ ਨੇ ਗੀਤ-‘ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਹਾਂ’ ਦੇ ਨਾਲ ਪੱਬ ਚੁੱਕ ਕੇ ਗਿੱਧੇ ਦਾ ਮਹੌਲ ਸਿਰਜ ਦਿੱਤਾ। ਸਰਬਜੀਤ ਉੱਪਲ ਨੇ-‘ਜੱਗ ਵਾਲਾ ਮੇਲਾ ਯਾਰੋ..’ ਅਤੇ ਅਵਤਾਰ ਢਿਲੋਂ ਨੇ-‘ਮੇਲੇ ਨੂੰ ਚਲ ਮੇਰੇ ਨਾਲ ਕੁੜੇ’ ਸੁਣਾ ਕੇ ਆਸਾ ਸਿੰਘ ਮਸਤਾਨਾ ਦੀ ਯਾਦ ਤਾਜ਼ਾ ਕਰ ਦਿੱਤੀ। ਸਰਜਰੀ ਤੋਂ ਬਾਅਦ ਸਿਹਤਯਾਬ  ਹੋ ਕੇ ਆਏ ਮੈਂਬਰ ਨਰਿੰਦਰ ਗਿੱਲ ਨੇ ਵੀ ਗੀਤ ਦਾ ਇੱਕ ਟੱਪਾ ਸੁਣਾਇਆ ਜਦ ਕਿ ਸੀਮਾ ਚੱਠਾ ਨੇ ਗੀਤ-‘ਸਾਰੀ ਰਾਤ ਤੇਰਾ ਤੱਕਨੀਆਂ ਰਾਹ..’ ਗੀਤ ਸੁਰੀਲੀ ਆਵਾਜ਼ ‘ਚ ਸੁਣਾ ਕੇ ਮਹੌਲ ਸੁਰਮਈ ਬਣਾ ਦਿੱਤਾ।

ਕੈਲਗਰੀ ਦੀ ਉੱਘੀ ਸ਼ਾਇਰਾ ਸੁਰਿੰਦਰ ਗੀਤ ਨੇ-‘ਰਾਤ ਹਨ੍ਹੇਰੀ ਮੈਂਨੂੰ ਆਖੇ, ਏਥੇ ਰਾਜ ਹਨ੍ਹੇਰੇ ਦਾ’ ਗਜ਼ਲ ਤਰੰਨਮ ਵਿੱਚ ਸੁਣਾ ਕੇ ਵਾਹ-ਵਾਹ ਖੱਟੀ। ਗੁਰਦੀਸ਼ ਕੌਰ ਗਰੇਵਾਲ ਨੇ ਵੀ ਪੰਜਾਬਣ ਮੁਟਿਆਰ ਲਈ ਲਿਖੀ ਤਾਜ਼ਾ ਗਜ਼ਲ-‘ਹੁਸਨਾਂ ਲੱਦੀ ਕੁੜੀਏ ਨੀ ਹੁਣ, ਆਪਣਾ ਹੁਸਨ ਛੁਪਾਈਂ ਤੂੰ’ ਸੁਨਾਉਣ ਦੇ ਨਾਲ ਨਾਲ, ਕੁੱਝ ਜੀਵਨ ਵਿੱਚ ਕੰਮ ਆਉਣ  ਵਾਲੇ ਟਿਪਸ ਵੀ ਸਾਂਝੇ ਕੀਤੇ। ਗੁਰਨਾਮ ਮੱਲ੍ਹੀ ਅਤੇ ਅਵਤਾਰ ਕੌਰ ਢਿਲੋਂ ਨੇ ਕੁੱਝ ਅਜ਼ਮਾਏ ਹੋਏ ਘਰੇਲੂ ਨੁਸਖੇ ਸਾਂਝੇ ਕੀਤੇ। ਸ਼ਰਨਜੀਤ ਸਿੱਧੂ, ਸਵਿਤਾ ਵਸ਼ਿਸ਼ਟ, ਮਹਿੰਦਰਪਾਲ ਕੌਰ ਬਰਾੜ, ਸੁਰਿੰਦਰ ਚੀਮਾਂ, ਸਿਮਰ ਚੀਮਾਂ, ਹਰਭਜਨ ਕੌਰ ਬਨਵੈਤ ਅਤੇ ਆਸ਼ਾ ਪਾਲ ਨੇ ਇਸ ਮਟਿੰਗ ਵਿੱਚ ਵਧੀਆ ਸਰੋਤੇ ਹੋਣ ਦਾ ਰੋਲ ਨਿਭਾਇਆ।

ਅੰਤ ਵਿੱਚ ਮੈਡਮ ਬਰਾੜ ਨੇ ਸਭ ਦਾ ਧੰਨਵਾਦ ਕਰਦਿਆਂ ਹੋਇਆਂ, ਸਭ ਨੂੰ ਡਾਇਰੀ ਪੈਨ ਨਾਲ ਲਿਆਉਣ ਦੀ ਸਲਾਹ ਦਿੱਤੀ ਤਾਂ ਕਿ ਕੀਮਤੀ ਜਾਣਕਾਰੀ ਨੋਟ ਕੀਤੀ ਜਾ ਸਕੇ। ਉਹਨਾਂ ਨੇ ਕੈਲਗਰੀ ਦੇ ਸਤਿਕਾਰਯੋਗ ਬਜ਼ੁਰਗ ਮਹਿੰਦਰ ਸਿੰਘ ਹੱਲ੍ਹਣ ਦਾ ਸੁਨੇਹਾ ਵੀ ਸਭ ਨੂੰ ਦਿੱਤਾ ਕਿ- ‘ਹਰ ਮੈਂਬਰ ਆਪਣੇ ਅੰਦਰ ਝਾਤੀ ਮਾਰ ਕੇ, ਆਪਣੀ ਇੱਕ ਕਮਜ਼ੋਰੀ ਲੱਭ ਕੇ, ਉਸਨੂੰ ਛੱਡਣ ਦਾ ਪ੍ਰਣ ਕਰਕੇ ਉਸਤੇ ਅਮਲ ਕਰੇ’। ਸਾਰਿਆਂ ਨੇ ਇਸ ਵਿਚਾਰ ਦਾ ਸਵਾਗਤ ਕੀਤਾ। ਉਹਨਾਂ ਲਿਖਾਰੀ ਸਭਾ ਵਲੋਂ, 17 ਮਾਰਚ ਨੂੰ ਵਾਈਟ ਹੌਰਨ ਕਮਿਊਨਿਟੀ ਸੈਂਟਰ ਵਿਖੇ ਹੋਣ  ਵਾਲੇ, ਬੱਚਿਆਂ ਦੇ ਪੰਜਾਬੀ ਉਚਾਰਣ ਮੁਕਾਬਲੇ ਦੀ ਸੂਚਨਾ ਦਿੰਦੇ ਹੋਏ ਕਿਹਾ ਕਿ- ਇਸੇ ਕਾਰਨ ਆਪਣੀ ਸਭਾ ਦੀ ਅਗਲੇ ਮਹੀਨੇ ਦੀ ਮੀਟਿੰਗ 17 ਮਾਰਚ ਦੀ ਬਜਾਏ 18 ਮਾਰਚ ਦਿਨ ਐਤਵਾਰ ਨੂੰ ਹੋਏਗੀ। ਜੋਗਿੰਦਰ ਪੁਰਬਾ ਨੇ ਪੜਦਾਦੀ ਬਣਨ ਦੀ ਖੁਸ਼ੀ ਵਿੱਚ ਸਭ ਨੂੰ ਚਾਹ ਨਾਲ ਪਕੌੜੇ ਤੇ ਜਲੇਬੀਆਂ ਖੁਆ, ਵਧਾਈਆਂ ਝੋਲੀ ਪੁਆਈਆਂ। ਸੋ ਇਸ ਤਰ੍ਹਾਂ  ਇਹ ਮੀਟਿੰਗ ਸਾਰਥਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403-590-9629 ਜਾਂ ਗੁਰਦੀਸ਼ ਕੌਰ ਗਰੇਵਾਲ- 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।


ਕੈਨੇਡਾ ਦੀ ਪੰਜਾਬੀ ਸੰਸਥਾ ਵੋਲੋਂ ਪੱਤਰਕਾਰ ਭੰਵਰ ਦਾ ਸਨਮਾਨ
Source:  Quami Ekta Punjabi Newspaper
Monday, 19 February 2018 11:55

ਲੁਧਿਆਣਾ : ਕੈਨੇਡਾ-ਸਥਿਤ ਬ੍ਰਿਟਿਸ਼ ਕੋਲੰਬੀਆ ਪੰਜਾਬੀ ਕਲਚਰਲ ਫਾਊਂਡੇਸ਼ਨੇ ਨੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪ੍ਰਵਾਸੀ ਪੰਜਾਬੀ ਸਾਹਿਤ ਅਧਿਆਪਨ ਕੇਂਦਰ  ਦੇ ਸਹਿਯੋਗ ਨਾਲ 17 ਫਰਵਰੀ ਨੂੰ  ਨਾਮਵਰ ਲੇਖਕ ਤੇ ਪੱਤਰਕਾਰ ਹਰਬੀਰ ਸਿੰਘ ਭੰਵਰ ਨੂੰ ਪੰਜਵਾਂ ਪ੍ਰੀਤਮ ਸਿੰਘ ਬਾਸੀ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ। ਸਨਮਾਨ ਵਿਚ 51,000/- ਰੁਪੲ, ਇਕ ਦੋਸ਼ਾਲਾੇ ਤੇ ਸਨਮਾਨ ਪਤਰ ਸ਼ਮਿਲ ਹਨ।ਗ.ਗ.ਨ. ਖਾਲਸਾ ਕਾਲਜ ਵਿਖੇ ਹੋਏ ਸਨਮਨ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਯੂਨੀਵਰਸਿਟੀ ਬਠਿਡਾ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ। ਮਰਹੂਮ ਪ੍ਰੀਤਮ ਸਿੰਘ ਬਾਸੀ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਦੇ ਪਿਤਾ ਸਨ । ਜਾਲੰਧਰ ਜ਼ਿਲੇ ਨਾਲ ਸਬੰਧਤ ਇਹ ਪਰਿਵਾਰ ਲਗਭਗ 40 ਸਾਲਾ ਪਹਿਲਾਂ ਪ੍ਰਵਾਸ ਕਰਕੇ ਕੈਨੇਡਾ ਚਲਾ ਗਿਆ ਸੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਜੋਹਲ਼ ਨੇ ਕਿਹਾ ਕਿ ਬਲਿਊ ਸਟਾਰ ਬਾਰੇ ਬਹੁਤ ਪੁਸਤਕਾ ਆ ਚੁਕੀਆਂ ਹਨ,ਪਰ ਸ੍ਰੀ ਭੰਵਰ ਨੇ ਆਪਣੀ ਪੁਸਤਕ “ਡਾਇਰੀ ਦੇ ਪੰਨੇ” ਅਤੇ ਪਤਰਕਾਰ ਪੀ.ਪੀ.ਐਸ. ਗਿਲ ਨੇ ਆਪਣੀ ਪੁਸਤਕ ‘ ਬਲੱਡ ਆਨ ਦਿ ਗਰੀਨ” ਵਿਚ ਸਾਰੀਆ ਚਸ਼ਮ ਦੀਦ ਘਟਨਾਵਾ ਦਾ ਬੜੀ ਬੇਬਾਕੀ, ਨਿਰਪਖਤਾ ਤੇ ਨਿਡਰਤਾ ਨਾਲ ਵਰਨਣ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਉਜੜਦਾ ਜਾ ਰਿਹਾ ਹੈ,ਨੌਜਵਾਨ ਵਿਦੇਸ਼ ਜਾਣ ਦੀ ਦੌੜ ਵਿਚ ਲਗੇ ਹਨ,ਕਿਸੇ ਨੂੰ ਆਪਣਾ ਉਜਲਾ ਭਵਿੱਖ ਦਿਖਾਈ ਨਹੀਂ ਦਿੰਦਾ, ਸਰਕਾਰ ਦਾ ਇਧਰ ਕੋਈ ਧਿਆਨ ਨਹੀਂ,ਪ੍ਰਵਾਸੀ ਪੰਜਾਬੀ ਹੀ ਪੰਜਾਬ, ਪੰਜਾਬੀ ਭਾਸ਼ਾ ਤੇ ਸੀਭਆਚਾਰ ਬਚਾਉਣ ਲਈ ਆਪਣੇ ਯਤਨ ਕਰਨ।

ਕਾਲਜ ਦੇ ਪਿੰਸੀਪਲ ਡਾ. ਅਰਵਿੰਦਰ ਸਿੰਘ ਨੇ ਕੀਤਾ। ਫਾਊਂਡੇਸ਼ਨ ਦੇ ਅਂਤ੍ਰਿੰਗ ਮੈਂਬਰ ਨਾਵਲਕਾਰ ਜਰਨੈਲ ਸਿੰਘ ਸੇਖਾ ਫਾਊਂਡੇਸ਼ਨ ਦੀ ਸਥਾਪਨਾ ਤੇ ਕਾਰਜ ਬਾਰੇ ਜਾਣਕਾਰੀ ਦਿਤੀ। ਮੰਗਾ ਸਿੰਘ ਬਾਸੀ ਨੇ ਆਪਣੇ ਪਿਤਾ ਸ. ਪ੍ਰੌਤਮ ਸਿੰਘ ਦੇ ਜਵਿਨ ਤੇ ਸਮਾਜ ਸੇਵਾ ਬਾਰੇ ਦਸਿਆ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ ਵਾਈਸ ਚਾਂਸਲਰ ਪ੍ਰੋ. ਪ੍ਰਿਥਪਾਲ ਸਿੰਘ ਕਪੂਰ ਨੇ ਸ੍ਰੀ ਭੰਵਰ ਦੇ ਜਵਿਨ ਤੇ ਸਾਹਿਤ ਸੇਵਾ ਬਾਰੇ ਜਾਣਕਾਰੀ ਸਾਂਝੀ ਕੀਤੀ।


ਬੱਚਿਆਂ ‘ਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰਾਂ ਦੇ ਸ਼ੋ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰੱਥ ਜਰੀਆ – ਪ੍ਰੋ ਐਲਨ ਬੂਥ
Source:  Quami Ekta Punjabi Newspaper
Monday, 19 February 2018 11:33

ਲੁਧਿਆਣਾ – ਆਈ ਵੀ ਕਿੰਡਰ ਪਿੱਲਰ ਸਕੂਲ, ਬਰੇਵਾਲ ਰੋਡ ਵੱਲੋਂ ਨਵੇਂ ਸਕੂਲ ਦੀ ਸ਼ੁਰੁਆਤ ਦੇ ਉਦਘਾਟਨ ਸਮਾਰੋਹ ਮੌਕੇ ਕਰਵਾਏ ਗਏ  ਕਿੰਡਜ਼ ਕਾਰਨੀਵਾਲ ਅਤੇ ਬੇਬੀ ਸੋਅ ਦੌਰਾਨ ਬੱਚਿਆਂ ਦੀ ਜ਼ਬਰਦਸਤ ਪੇਸ਼ਕਸ਼ ਵੇਖਣ ਨੂੰ ਮਿਲੀ। ਇਸ  ਖ਼ੂਬਸੂਰਤ ਸਮਾਰੋਹ ‘ਚ ਲੁਧਿਆਣਾ ਭਰ ਤੋਂ ਤਿੰਨ ਸਾਲ ਤੋਂ ਵੱਧ  ਉਮਰ ਦੇ ਬੱਚੇ ਅਤੇ ਉਨਾਂ ਦੇ ਮਾਪੇ ਸ਼ਾਮਿਲ ਹੋਏ। ਇਸ ਮੌਕੇ ਤੇ ਅਮਰੀਕਾ ਤੋਂ ਖਾਸ ਤੌਰ ਤੇ ਆਏ  ਛੋਟੇ ਬੱਚਿਆਂ ਦੇ ਵਿਕਾਸ ਦੀ ਐਕਸਪਰਟ ਪ੍ਰੋ ਐਲਨ ਬੂਥ ਅਤੇ ਖਾਲਸਾ ਕਾਲਜ ਦੇ ਪ੍ਰਿਸੀਪਲ ਬਲਬੀਰ ਕੌਰ ਮੁੱਖ ਮਹਿਮਾਨ ਸਨ। ਜਦ ਕਿ ਸ੍ਰੀਮਤੀ ਪਰਮਜੀਤ ਕੌਰ ਸ਼ਿਵਾਲ ਅਤੇ ਸ੍ਰੀਮਤੀ ਮਮਤਾ ਆਸ਼ੂ ਖਾਸ ਮਹਿਮਾਨ ਸਨ।

ਸਕੂਲ ਦੇ ਡਾਇਰੈਕਟਰ ਵੰਦਨਾ ਸ਼ਰਮਾ ਨੇ  ਸਾਰਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਬੱਚਿਆਂ ‘ਚ ਆਤਮ-ਵਿਸ਼ਵਾਸ ਵਧਾਉਣ ਲਈ ਇਸ ਤਰਾਂ ਦੇ  ਸੋਅ ਅਤੇ ਸਟੇਜ ਪ੍ਰਦਰਸ਼ਨ ਸਭ ਤੋਂ ਸਮਰੱਥ ਜਰੀਆ ਹੁੰਦੇ ਹਨ । ਜਦ ਕਿ  ਇਸ ਸ਼ੋਅ ਦਾ ਮੁੱਖ ਮਨੋਰਥ ਵੀ ਬੱਚਿਆਂ ਅੰਦਰ ਬਚਪਨ ਤੋਂ ਹੀ ਆਤਮ-ਵਿਸ਼ਵਾਸ  ਜਗਾਉਣਾ ਹੈ ਕਿਉਂਕਿ ਸਟੇਜ ਜਾਂ ਰੈਂਪ ਉਪਰ ਪ੍ਰਦਰਸ਼ਨ  ਬੱਚਿਆਂ ਨੂੰ ਸੰਭਾਵੀ ਚੁਨੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਪ੍ਰਦਾਨ ਕਰਦਾ ਹੈ। ਸਕੂਲ ਦੇ ਡਾਇਰੈਕਟਰ ਬਬੀਤਾ ਸ਼ਰਮਾ ਅਤੇ ਵੰਦਨਾ ਸ਼ਰਮਾ ਨੇ ਇਸ ਮੌਕੇ ਦੱਸਿਆਂ ਕਿ ਕਿੰਡਰ ਪਿੱਲਰ ਸਕੂਲ ਦੀ ਸਥਾਪਨਾ ਦਾ ਮੁੱਖ ਮੰਤਵ ਛੋਟੋ ਬੱਚਿਆਂ ਦੇ ਸੰਪੂਰਨ ਵਿਕਾਸ ਨੁੰ ਮੁੱਖ ਰੱਖਦੇ ਹੋਏ ਕੀਤਾ ਗਿਆ ਹੈ ਤਾਂ ਕਿ ਸਾਡੇ ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ਤੇ ਬਿਹਤਰੀਨ ਮੁਕਾਮ ਹਾਸਿਲ ਕਰ ਸਕਣ।

ਇਸ ਮੌਕੇ ਅਮਰੀਕਾ ਤੋਂ ਖਾਸ ਤੌਰ ਤੇ ਆਏ  ਛੋਟੇ ਬੱਚਿਆਂ ਦੇ ਵਿਕਾਸ ਦੀ ਐਕਸਪਰਟ ਪ੍ਰੋ ਐਲਨ ਬੂਥ ਨੇ ਮਾਪਿਆਂ ਨੂੰ ਆਪਣੇ ਸੰਬੋਧਨ ਵਿਚ ਦੱਸਿਆ ਕਿ ਬੱਚੇ ਦੇ ਪਹਿਲੇ 2000 ਦਿਨ ਯਾਨੀ ਪਹਿਲੇ 6 ਸਾਲ ਵਿਚ ਜੋ ਦਿਮਾਗ ਪੂਰੀ ਤਰਾਂ ਵਿਕਸਤ ਹੋ ਜਾਂਦਾ ਹੈ ਉਹੀ ਤਮਾਮ ਉਮਰ ਨਾਲ ਚਲਦਾ ਹੈ। ਇਸ ਲਈ ਪਹਿਲੇ 6 ਸਾਲ ਹਰ ਬੱਚੇ ਲਈ ਬਹੁਤ ਜ਼ਰੂਰੀ ਹੁੰਦੇ ਹਨ।

ਪ੍ਰੋ ਐਲਨ ਬੂਥ ਨੇ ਪੱਛਮੀ ਦੇਸ਼ਾਂ ਅਤੇ ਭਾਰਤ ਦੇ ਪ੍ਰਾਇਮਰੀ ਸਿੱਖਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਕਿਉਂ ਜੋ 6 ਸਾਲ ਤੱਕ ਬੱਚੇ ਦੇ ਦਿਮਾਗ ਦਾ ਸਚਾਰੂ ਰੂਪ ਵਿਚ ਵਿਕਾਸ ਹੋਣਾ ਜ਼ਰੂਰੀ ਹੈ ਇਸ ਲਈ ਅਮਰੀਕਾ ਸਮੇਤ ਪੱਛਮੀ ਸਮਾਜ ਵਿਚ ਕਿੰਡਰ ਗਾਰਡਨ ਦੀ ਪੜਾਈ ਵੱਲ ਵਧੇਰੇ ਧਿਆਨ ਦਿਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇਸ਼ਾਂ ਵਿਚ ਬੱਚੇ ਲਈ ਪ੍ਰੀ ਨਰਸਰੀ ਅਤੇ ਕੇ.ਜੀ ਕਲਾਸ ਦੀ ਪੜਾਈ ਬਹੁਤ ਮਾਇਨੇ ਰੱਖਦੀ ਹੈ। ਇਸ ਦੇ ਉਲਟ ਭਾਰਤ ਵਿਚ ਖਾਸ ਕਰਕੇ ਉਤਰੀ ਭਾਰਤ ‘ਚ ਆਮ ਤੌਰ ਤੇ ਇਨ੍ਹਾਂ ਕਲਾਸਾਂ ਦੀ ਪੜਾਈ ਮੌਕੇ ਬਹੁਤਾ ਧਿਆਨ ਨਹੀਂ ਦਿਤਾ ਜਾਂਦਾ ਜਿਸ ਦੇ ਚਲਦਿਆਂ ਬੱਚੇ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਆਪਣਾ ਸਹੀ ਮੁਕਾਮ ਲੈਣ ਤੋਂ ਪੱਛੜ ਜਾਂਦੇ ਹਨ। ਪ੍ਰੋ. ਬੂਥ ਨੇ ਕਿਹਾ ਕਿ ਜੇਕਰ ਮਾਪੇ ਬੱਚਿਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਚਾਹੁਦੇਂ ਹਨ ਤਾਂ ਪ੍ਰੀ ਸਕੂਲ ਦੀ ਪੜਾਈ ਅਤੇ ਸੋਚ ਨੂੰ ਪੂਰੀ ਸਮਝਦਾਰੀ ਨਾਲ ਚੱਲਣਾ ਜ਼ਰੂਰੀ ਹੋ ਜਾਂਦਾ ਹੈ। ਇਸ ਮੌਕੇ ਤੇ ਪ੍ਰੋ ਬੂਥ ਨੇ ਇਕ ਚੰਗਾ ਮਾਂ ਬਾਪ ਦੇ ਗੁਰ ਵੀ ਮਾਪਿਆਂ ਨਾਲ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਈ ਮਾਪਿਆਂ  ਵਲੋਂ ਉਨ੍ਹਾਂ ਦੇ ਬੱਚਿਆਂ ਸਬੰਧੀ  ਸਵਾਲਾਂ ਦੇ  ਜਵਾਬ ਵੀ ਦਿਤੇ।
ਇਸ ਬੇਬੀ ਸ਼ੋ ਦੌਰਾਨ ਸਕੂਲ ਮੈਨੇਜਮੈਂਟ ਵੱਲੋਂ ਇਕ ਪੈਡਟਰੀਸ਼ਅਨ ਡਾਕਟਰ ਅਤੇ ਡਾਈਟੀਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਵੱਲੋਂ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਸਬੰਧੀ ਵਡਮੁੱਲੀ ਜਾਣਕਾਰੀ ਦਿਤੀ ਗਈ । ਸਮਾਰੋਹ ਦੇ ਅੰਤ ‘ਚ ਸਕੂਲ ਮੈਨਜ਼ਮੈਂਟ ਅਤੇ ਮੁੱਖ ਮਹਿਮਾਨ ਵੱਲੋਂ  ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ।


<< < Prev 1 2 3 4 5 6 7 8 9 Next > >>